ਸੰਗਰੂਰ-ਆਗਾਮੀ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਜ਼ਿਲ੍ਹਾ ਸੰਗਰੂਰ ਵਿੱਚ ਹੀਟ ਵੇਵ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ 1006 ਪੋਲਿੰਗ ਬੂਥਾਂ ਤੇ ਫਸਟ ਏਡ ਟੀਮਾਂ ਲਗਾ ਦਿੱਤੀਆਂ ਗਈਆਂ ਹਨ। ਹਰ ਪੋਲਿੰਗ ਬੂਥ ਤੇ ਆਸ਼ਾ ਵਰਕਰ ਅਤੇ ਹੈਲਥ ਵਰਕਰ ਦੀ ਡਿਊਟੀ ਲਗਾਈ ਗਈ ਹੈ। ਇਹਨਾਂ ਟੀਮਾਂ ਨਾਲ ਸੁਪਰਵਾਈਜ਼ਰ ਅਤੇ ਨੋਡਲ ਅਫਸਰ ਨੂੰ ਵੀ ਤੈਨਾਤ ਕੀਤਾ ਗਿਆ ਹੈ। ਵੋਟਾਂ ਵਾਲੇ ਦਿਨ ਹਰ ਹੈਲਥ ਬਲਾਕ ਤੇ ਐਮਰਜੈਂਸੀ ਲਈ ਇੱਕ ਮੈਡੀਕਲ ਟੀਮ ਸਮੇਤ ਐਬੂਲੈਂਸ ਤਾਇਨਾਤ ਕੀਤੀ ਗਈ ਹੈ। ਹੀਟ ਵੇਵ ਮੈਨੇਜਮੈਂਟ ਦਾ ਨੋਡਲ ਅਫ਼ਸਰ ਉਸ ਬਲਾਕ ਦੇ ਐਸਐਮਓ ਨੂੰ ਲਗਾਇਆ ਗਿਆ ਹੈ। ਸਾਰੇ ਤੈਨਾਤ ਕੀਤੇ ਗਏ ਸਟਾਫ ਨੂੰ ਹੀਟ ਵੇਵ ਮੈਨੇਜਮੈਂਟ ਸਬੰਧੀ ਟ੍ਰੇਨਿੰਗ ਦੇ ਦਿੱਤੀ ਗਈ ਹੈ ਅਤੇ ਫਸਟ ਏਡ ਕਿੱਟਾਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਡਿਸਪੈਚ ਤੇ ਕਲੈਕਸ਼ਨ ਸੈਂਟਰਾਂ ਤੇ ਵੀ ਮੈਡੀਕਲ ਟੀਮਾਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਹੀਟ ਵੇਵ ਤੋਂ ਬਚਾਅ ਸਬੰਧੀ ਪਿੰਡਾਂ ਵਿੱਚ ਅਨਾਉਂਸਮੈਂਟ ਕਰਵਾਈਆਂ ਜਾ ਰਹੀਆਂ ਹਨ, ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਅਤੇ ਅਖਬਾਰਾਂ ਰਾਹੀਂ ਵੀ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਆਸ਼ਾ ਵਰਕਰਾਂ ਦੁਆਰਾ ਘਰ-ਘਰ ਜਾ ਕੇ ਲੋਕਾਂ ਨੂੰ ਹੀਟ ਵੇਵ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੀਟ ਵੇਵ ਦਾ ਕੋਈ ਵੀ ਕੇਸ ਹਾਲੇ ਤੱਕ ਰਿਪੋਰਟ ਨਹੀਂ ਹੋਇਆ। ਉਹਨਾਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਹੀਟ ਵੇਵ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।